ਪਤਾ ਨਹੀਂ
By Meet Bhinder
ਉਹ ਇਕੱਲਾ ਬੈਠਾ ਸੋਚ ਰਿਹਾ ਸੀ । ਆਸੇ - ਪਾਸੇ ਤੋਂ ਬਿਲਕੁਲ ਬੇਖ਼ਬਰ । ਆਪਣੇ ਵਿੱਚ ਹੀ ਗਵਾਚਿਆ ਹੋਇਆ । ਬੀਤੇ ਸਮੇਂ ਦੀਆਂ ਗੱਲਾਂ ਨੂੰ ਅੱਜ ਨਾਲ ਜੋੜਨ ਦੀ ਭੈੜੀ ਆਦਤ ਦਾ ਮਰੀਜ਼ ਸੀ ।
ਅਚਾਨਕ ਉਸਦੇ ਦੋਸਤ ਨੇ ਆ ਕੇ ਉਸਦੀਆਂ ਸੋਚਾਂ ਦੀ ਲੜੀ ਨੂੰ ਤੋੜਿਆ । " ਹਾਂ ਬਈ ਕਿਰਤਿਆ...... ਕੱਲਾ ਜਾ ਬੈਠਾ ਓਏ ।" ਸਾਹਮਣਿਓਂ ਕਿਰਤ ਨੇ ਕੋਈ ਭਰਵਾਂ ਜਵਾਬ ਨਾ ਦਿੱਤਾ । "ਹੂੰ......" ਕਹਿ ਕੇ ਥੋੜ੍ਹਾ ਜਿਹਾ ਮੁਸਕਰਾਇਆ । ਸੁਭਾਵਿਕ ਸੀ ਕਿ ਬੱਲੀ ਨੇ ਉਸਦੇ ਇਸ ਤਰਹ ਦੇ ਖਾਲੀ ਜਵਾਬ ਨੂੰ ਭਾਂਪ ਲਿਆ ਸੀ । ਇਸ ਖਾਲੀਪਣ ਨੂੰ ਭਰਨ ਲਈ ਉਸ ਨੇ ਪੁੱਛਿਆ " ਕੀ ਬਣਿਆ ..... ਕਿਵੇਂ ਦੀ ਲੱਗੀ ਨਵੀਂ ਸਹੇਲੀ ? ਸਭ ਕੁਝ ਠੀਕ ਰਿਹਾ ? " ਕਿਰਤੇ ਨੇ ਬਿਨ੍ਹਾਂ ਦੇਖੇ ਹੀ ਜਵਾਬ ਦਿੱਤਾ " ਹੂੰ.... ਠੀਕ ।"
ਉੱਧਰ ਬਾਹਰ ਕਿਰਤੇ ਦੀ ਮਾਂ ਵੀ ਰਾਤ ਦੀ ਰੋਟੀ ਖਾ ਕੇ ਸੌਣ ਦੀ ਤਿਆਰੀ ਕਰ ਰਹੀ ਸੀ । ਇੱਧਰ ਬੱਲੀ ਆਪਣੇ ਦੋਸਤ ਦੇ ਇਸ ਨਵੇਂ ਚੁੱਕੇ ਕਦਮ ਬਾਰੇ ਜਾਨਣ ਲਈ ਉਤਾਵਲਾ ਸੀ । ਇਸੇ ਉਤਾਵਲੇਪਣ ਨੂੰ ਮਿਟਾਉਣ ਲਈ ਬੱਲੀ ਨੇ ਕਿਰਤੇ ਨੂੰ ਬਾਂਹ ਤੋਂ ਫੜ੍ਹ ਕੇ ਹਲੂਣਿਆ ਤੇ ਪੁੱਛਿਆ " ਤਾਂ ਫਿਰ ਕਿਸ ਤਰਹ ਦੀ ਰਹੀ ਤੁਹਾਡੀ ਪਹਿਲੀ ਮਿਲਣੀ ? " ਪਰ ਕਿਰਤੇ ਦਾ ਦਿਲ ਤਾਂ ਹੋਰ ਹੀ ਉਲਝਣਾ ਵਿੱਚ ਰੁੱਝਿਆ ਹੋਇਆ ਸੀ । ਉਹ ਤਾਂ ਹਾਲੇ ਵੀ ਆਪਣੇ ਤੋਂ ਵੱਖ ਹੋ ਚੁੱਕੀ ਪਹਿਲਾਂ ਵਾਲੀ ਸਹੇਲੀ ਬਾਰੇ ਸੋਚ ਰਿਹਾ ਸੀ । ਕਿਰਤੇ ਦਾ ਇਹ ਟੁੱਟ ਚੁੱਕਿਆ ਸੰਬੰਧ ਕੋਈ ਦੋ ਕੁ ਸਾਲ ਹੀ ਰਿਹਾ ਹੋਣਾ । ਪਰ ਉਸ ਲਈ ਤਾਂ ਜਿਵੇਂ ਉਹ ਇਸ ਦੌਰਾਨ ਦੋ ਸਦੀਆਂ ਜੀ ਚੁੱਕਿਆ ਹੋਵੇ ।ਇਹ ਵਿਯੋਗ ਦੀ ਅੱਗ ਵੀ ਬੜੀ ਹੀ ਭਿਆਨਕ ਹੁੰਦੀ ਹੈ ਜੋ ਪਾਣੀ ਪਾਇਆ ਬੁਝਣ ਦੀ ਬਜਾਏ ਮੱਠੀ-ਮੱਠੀ ਬਲਦੀ ਰਹਿੰਦੀ ਹੈ ।
"ਬੱਲੀ ..... ਉਹ ਹਾਲੇ ਵੀ ਭੁੱਲਦੀ ਨਹੀਂ ।" ਕਮਰੇ ਵਿੱਚੋਂ ਖੜੇ ਹੁੰਦਿਆਂ ਕਿਰਤੇ ਦੇ ਮੂੰਹੋਂ ਢਿੱਲੀ ਜਿਹੀ ਆਵਾਜ਼ ਆਈ । ਬੱਲੀ ਜੋ ਕਿ ਉਸ ਦੇ ਦਿਲ ਦਾ ਭੇਤੀ ਸੀ । ਕਿਰਤੇ ਨੂੰ ਹੌਂਸਲਾ ਦੇਣ ਲਈ ਬੋਲਿਆ,"ਇਹ ਜ਼ਿੰਦਗੀ ਐ ਵੈਲੀਆ..... ਇਸ ਦੇ ਵਹਾਅ ਵਿੱਚ ਵਗਦੇ ਹੀ ਰਹਿਣਾ ਪੈਂਦਾ । ਨਾਲੇ ਕਿੰਨ੍ਹਾਂ ਸਮਾਂ ਐਵੇਂ ਹੀ ਇਕੱਲਾ ਰਹਿ ਪਾਏਗਾ ? ਆਖਿਰ ਕਿਸੇ ਨਾਲ ਤਾਂ ਜ਼ਿੰਦਗੀ ਗੁਜ਼ਾਰੇਗਾ ਹੀ ।" ਇਹ ਗੱਲ ਪਹਿਲਾਂ ਵੀ ਬਹੁਤ ਵਾਰ ਬੱਲੀ ਨੇ ਕਿਰਤੇ ਨੂੰ ਸੁਣਾਈ ਸੀ ਪਰ ਕਿਰਤੇ ਲਈ ਤਾਂ ਸਮਝੋ ਇਹ ਗੱਲ ਬਣੀ ਹੀ ਨਹੀਂ ਸੀ । ਕਿਰਤੇ ਨੇ ਪਹਿਲਾਂ ਵਾਂਗ ਹੀ ਰੱਬ ਨੂੰ ਦਿਲ ਹੀ ਦਿਲ ਕੋਸਣਾ ਸ਼ੁਰੂ ਕਰ ਦਿੱਤਾ । ਉਸ ਦੇ ਖਿਆਲ ਸੀ ਕਿ ਇੱਕ ਹੀ ਤਾਂ ਜ਼ਿੰਦਗੀ ਮਿਲਦੀ ਹੈ । ਉਸ ਵਿੱਚ ਵੀ ਇਸ ਤਰਹ ਦੀਆਂ ਦੂਰੀਆਂ ਨੂੰ ਹੰਢਾਉਣਾ ਪੈਂਦਾ । ਐਵੇਂ ਸੋਚਦਾ ਹੋਇਆ ਕਿਰਤ ਕਮਰੇ ਚੋਂ ਬਾਹਰ ਨਿੱਕਲਿਆ ਤੇ ਉੱਪਰ ਤਾਰਿਆਂ ਵਲ ਵੇਖਣ ਲੱਗਿਆ । ਉੱਧਰੋਂ ਬੱਲੀ ਵੀ ਉਸ ਮਗਰ ਹੀ ਆ ਕੇ ਖਲੋ ਗਿਆ ਤੇ ਬੋਲਿਆ,"ਐਵੇਂ ਤਾਂ ਨੀ ਉਹ ਤੈਨੂੰ ਵਾਪਿਸ ਮਿਲਣੀ ।" ਕਿਰਤ ਹੋਰ ਵੀ ਸੋਚੀਂ ਪੈ ਗਿਆ । ਉਸ ਲਈ ਤਾਂ ਇਹ ਸਭ ਹਾਲੇ ਕੱਲ੍ਹ ਦੀ ਹੀ ਗੱਲ ਸੀ ਜਦ ਉਹ ਤੇ ਨਿੰਮੋ ਹਮੇਸ਼ਾ-ਹਮੇਸ਼ਾ ਲਈ ਕੱਠੇ ਰਹਿਣ ਦੀਆਂ ਗੱਲਾਂ ਕਰਦੇ ਹੁੰਦੇ ਸੀ । ਉਹਨਾਂ ਦੋਵਾਂ ਨੇ ਕਿੰਨੇ ਸੁਪਨੇ ਬੁਣੇ ਸੀ । ਕਿਰਤੇ ਦੀ ਸੋਚ ਸੀ ਕਿ ਉਹ ਨਿੰਮੋ ਨੂੰ ਖ਼ੂਬ ਪੜ੍ਹਾ-ਲਿਖਾ ਕੇ ਕਾਮਯਾਬ ਇਨਸਾਨ ਬਣਾਏਗਾ । ਖ਼ੁਦ ਨੂੰ ਬੇਸ਼ੱਕ ਆਮ ਦਿਹਾੜੀਆਂ ਹੀ ਕਰਨੀਆਂ ਪੈ ਜਾਣ ।
ਪਰ ਨਿੰਮੋ ਤਾਂ ਇੱਕ ਅਜ਼ਾਦ ਪੰਛੀ ਸੀ । ਜੋ ਖੁੱਲ੍ਹੀ ਹਵਾ ਦੇ ਵਿੱਚ ਤਾਰੀਆਂ ਲਾਉਣਾ ਪਸੰਦ ਕਰਦਾ ਹੈ । ਭਾਵੇਂ ਕਿਰਤੇ ਨੇ ਕਦੇ ਆਵਦੇ ਵੱਲੋਂ ਨਿੰਮੋ ਨੂੰ ਕੈਦ ਕਰਨ ਦਾ ਸੋਚਿਆ ਨਹੀਂ ਸੀ । ਪਰ ਕਦੋੰ ਕਿਸੇ ਇੱਕ ਇਨਸਾਨ ਦੁਆਰਾ ਸੋਚੀਆਂ ਖਵਾਇਸ਼ਾਂ ਦੂਜੇ ਲਈ ਪਿੰਜਰਾ ਬਣ ਜਾਣ ਇਹ ਤਾਂ ਉਸ ਇਨਸਾਨ ਦੇ ਉਡਾਰੀ ਮਾਰ ਜਾਣ ਬਾਅਦ ਹੀ ਮਹਿਸੂਸ ਹੁੰਦਾ ਹੈ । ਇਸ ਤਰਹ ਨਿੰਮੋ ਤਾਂ ਉਡਾਰੀ ਭਰ ਗਈ ਪਰ ਕਿਰਤਾ ਖੁੱਲ੍ਹੀ ਹਵਾ ਵਿੱਚ ਵੀ ਕੈਦ ਹੋ ਕੇ ਰਹਿ ਗਿਆ । ਇਹ ਸਭ ਹੀ ਕਿਰਤਾ ਹੁਣ ਨਵੀਂ ਸਾਥਣ ਬਾਰੇ ਸੋਚਦਾ ਸੀ । ਉਸਨੂੰ ਇਸ ਤਰਹ ਲੱਗਣ ਲਗ ਗਿਆ ਸੀ ਕਿ ਇਹ ਸਭ ਇਸ ਤਰਹ ਹੀ ਹੁੰਦਾ ਅਤੇ ਇਹ ਕਦੇ ਬਦਲਣਾ ਵੀ ਨਹੀਂ ।
"ਬੋਲ ਕੁਝ" ਬੱਲੀ ਨੇ ਕਿਰਤੇ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ । "ਸਮਝ ਨੀਂ ਆਉਂਦਾ ਵੀਰੇ .... ਐਵੇਂ ਕਿਉਂ ਹੁੰਦਾ ?" ਕਿਰਤੇ ਨੇ ਬੱਲੀ ਵਲ ਮੂੰਹ ਘੁਮਾਉਂਦਿਆ ਕਿਹਾ । "ਇਹ ਸਭ ਕੁਦਰਤੀ ਹੈ ਕੋਈ ਵੀ ਇਨਸਾਨ ਆਪਣੇ ਆਪ ਨਾਲ ਹੀ ਭਰਦਾ ਤੇ ਆਵਦੇ ਆਪ ਬਿਨ੍ਹਾਂ ਹੀ ਖਾਲੀ ਹੁੰਦਾ । ਤੂੰ ਬਸ.... ਹੁਣ ਨਵੇਂ ਚੱਕੇ ਕਦਮ ਲਈ ਵਧੀਆ-ਵਧੀਆ ਸੋਚਿਆ ਕਰ ।" ਬੱਲੀ ਇਸ ਤਰਹ ਦਾ ਕੁਝ ਬੋਲਦਾ ਜਾ ਰਿਹਾ ਸੀ । ਪਰ ਕਿਰਤ ਕਦੋਂ ਦੁਬਾਰਾ ਫਿਰ ਨਿੰਮੋ ਦੇ ਖਿਆਲਾਂ ਵਿੱਚ ਹੀ ਖੋ ਗਿਆ । ਇਹ ਕਿਸੇ ਨੂੰ ਵੀ ਨਾ ਪਤਾ ਲੱਗਾ ।
By Meet Bhinder

Comments