ਕਿਉੰਕਿ ਮੈਂ ਇੱਕ ਮੁੰਡਾ ਹਾਂ।
Updated: Jul 28, 2025
By Kirandeep Kaur
ਅੱਜ ਤੋਂ ਚਾਰ ਸਾਲ ਪਹਿਲਾਂ ਮੈਂ ਪੜ੍ਹਨ ਲਈ ਹੋਸਟਲ ਜਾਣ ਲਈ ਆਪਣੇ ਪਿੰਡ ਤੋਂ ਦੁਪਹਿਰ ਵਾਲੀ ਬੱਸ ਫੜੀ। ਉਸ ਦਿਨ ਮਨ ਬਹੁਤ ਖੁਸ਼ ਸੀ ਤੇ ਸੋਚ ਰਿਹਾ ਸੀ ਕਿ ਪੜ੍ਹ ਲਿਖ ਕੇ ਮੈਂ ਆਪਣੇ ਬਾਪੂ ਦੀਆਂ ਸਭ ਜਿੰਮੇਵਾਰੀਆਂ ਆਪਣੇ ਸਿਰ ਲੈ ਕੇ ਓਹਨਾਂ ਨੂੰ ਵੀ ਸਕੂਨ ਨਾਲ ਬੈਠਿਆਂ ਦੇਖਾਂਗਾ।ਮੈਂ ਹੋਸਟਲ ਦੇ ਗੇਟ ਕੋਲ ਪਹੁੰਚਿਆ ਇਹ ਮੈਨੂੰ ਮੇਰੇ ਸੁਪਨਿਆਂ ਦਾ ਮਹਿਲ ਲੱਗ ਰਿਹਾ ਸੀ।ਹਨੇਰਾ ਹੋ ਚੁੱਕਾ ਸੀ, ਕਮਰੇ ਵਿੱਚ ਪਹੁੰਚ ਕੇ, ਸਮਾਨ ਰੱਖ ਕੇ ਸੋਚਿਆ ਸੌ ਜਾਵਾਂ ਸਵੇਰੇ ਫੇਰ ਕਲਾਸ ਲਈ ਜਲਦੀ ਉੱਠਣਾ। ਲੰਮੇ ਪਏ - ਪਏ ਘਰ ਦੀ ਯਾਦ ਆ ਰਹੀ ਸੀ ਤੇ ਪਤਾ ਹੀ ਨਹੀਂ ਲੱਗਾ ਕਦੋਂ ਅੱਖ ਲੱਗ ਗਈ। ਜਦੋਂ ਮੇਰੀ ਅੱਖ ਖੁੱਲੀ ਤਾਂ ਸਵੇਰ ਹੋ ਚੁੱਕੀ ਸੀ ।
ਮੈਂ ਉਭੜਵਾਹੇ ਉੱਠਿਆ, ਤੇ ਕਲਾਸ ਜਾਣ ਲਈ ਤਿਆਰ ਹੋਣ ਲੱਗਾ। ਤਿਆਰ ਹੋਣ ਤੋਂ ਬਾਅਦ ਮੈਂ ਨਾਸ਼ਤਾ ਕੀਤਾ ਤੇ ਕਲਾਸ ਵੱਲ ਨੂੰ ਤੁਰ ਪਿਆ। ਕਲਾਸ ਵਿੱਚ ਪਹਿਲਾਂ ਦਿਨ ਹੋਣ ਕਰਕੇ ਥੋੜ੍ਹੀ ਘਬਰਾਹਟ ਵੀ ਹੋ ਰਹੀ ਸੀ ਪਰ ਉਹ ਮੈਨੂੰ ਮੇਰੀਆਂ ਜਿੰਮੇਵਾਰੀਆਂ ਤੋਂ ਵੱਡੀ ਨਾ ਲੱਗੀ। ਕਲਾਸ ' ਚ ਮੇਰੇ ਕੁੱਝ ਦੋਸਤ ਬਣ ਗਏ। ਕਲਾਸ ਖ਼ਤਮ ਹੋਈ ਤਾਂ ਅਸੀਂ ਘੁੰਮਣ ਦਾ ਪਲਾਨ ਬਣਾਇਆ ਤੇ ਅਸੀਂ ਘੁੰਮਣ ਲਈ ਨਿਕਲ ਗਏ । ਥੋੜ੍ਹਾ ਘੁੰਮਣ ਤੋਂ ਬਾਅਦ ਅਸੀਂ ਵਾਪਿਸ ਚਲੇ ਗਏ। ਮੈਂ ਹੋਸਟਲ ਪਹੁੰਚਿਆਂ , ਥੋੜ੍ਹਾ ਆਰਾਮ ਕਰਨ ਤੋਂ ਬਾਅਦ , ਆਪਣਾ ਪੜ੍ਹਾਈ ਦਾ ਕੰਮ ਪੂਰਾ ਕੀਤਾ। ਹਨ੍ਹੇਰਾ ਹੋ ਰਿਹਾ ਸੀ ਮੈਨੂੰ ਕਮਰੇ ਅੰਦਰ ਘੁੱਟਣ ਜਹੀ ਮਹਿਸੂਸ ਹੋਈ। ਥੋੜ੍ਹੀ ਹੀ ਦੂਰ ਇੱਕ ਪਾਰਕ ਸੀ, ਮੈਂ ਉੱਥੇ ਚਲਾ ਗਿਆ। ਓਥੋਂ ਦੀ ਰੌਣਕ ਦੇਖ ਕੇ ਬਹੁਤ ਵਧੀਆ ਲੱਗਾ। ਪਾਰਕ ਦੇ ਇੱਕ ਕੋਨੇ ਵਿੱਚ ਬੈਠਣ ਲਈ ਬੈਂਚ ਲੱਗੇ ਹੋਏ ਸੀ, ਮੈਂ ਉਹਨਾਂ ਉੱਤੇ ਬੈਠ ਗਿਆ। ਕੁੱਝ ਦੇਰ ਬੈਠਣ ਤੋਂ ਬਾਅਦ ਮੈਂ ਵਾਪਿਸ ਜਾ ਰਿਹਾ ਸੀ ਕੇ ਮੈਂ ਦੇਖਿਆ ਇੱਕ ਕੁੜੀ ਸੜਕ ਦੇ ਕਿਨਾਰੇ ਬੋਹੋਸ਼ ਪਈ ਹੋਈ ਸੀ ਮੈਂ ਉਸਨੂੰ ਡਾਕਟਰ ਕੋਲ ਲੈ ਗਿਆ। ਕਿਉਂਕਿ ਮੈਨੂੰ ਲੱਗਾ ਕਿਸੇ ਦੀ ਮਦੱਦ ਕਰਨਾ ਮੇਰੀ ਜਿੰਮੇਵਾਰੀ ਬਣਦੀ ਹੈ ।ਕੋਈ ਗੰਭੀਰ ਸਮੱਸਿਆ ਨਾ ਹੋਣ ਕਰਕੇ ਉਸਨੂੰ ਜਲਦੀ ਹੋਸ਼ ਆ ਗਿਆ। ਉਸਨੇ ਅੱਖਾਂ ਖੋਲ੍ਹੀਆਂ ਤੇ ਮੈਨੂੰ ਕੋਲ ਬੈਠੇ ਨੂੰ ਦੇਖ ਕੇ ਪਤਾ ਨਹੀਂ ਉਸਦੇ ਦਿਲ ਵਿੱਚ ਕੀ ਆਇਆ ਉਹ ਮੈਨੂੰ ਜੱਫੀ ਪਾ ਕੇ ਧੰਨਵਾਦ ਕਰਨ ਲੱਗੀ ।ਮੈਨੂੰ ਬਹੁਤ ਅਜੀਬ ਮਹਿਸੂਸ ਹੋਇਆ।ਸਾਡੇ ਵਿੱਚ ਦੋਸਤੀ ਹੋ ਗਈ ਉਹ ਮੇਰੇ ਤੋਂ 10 ਸਾਲ ਵੱਡੀ ਸੀ ਤੇ ਉਸਨੇ ਦੱਸਿਆ ਕੇ ਉਸਦਾ ਤਲਾਕ ਹੋ ਚੁੱਕਾ ਸੀ। ਇਹ ਸਭ ਸੁਣ ਕੇ ਮੈਨੂੰ ਉਸ ਨਾਲ ਹਮਦਰਦੀ ਹੋਣ ਲੱਗੀ। ਇਹ ਸਭ ਗੱਲਾਂ ਕਰਦਿਆਂ ਉਸਦਾ ਘਰ ਆ ਗਿਆ। ਮੈਂ ਉਸਨੂੰ ਛੱਡ ਕੇ ਵਾਪਿਸ ਮੁੜਨ ਈ ਲੱਗਾ ਸੀ ਕਿ ਉਸਨੇ ਮੈਨੂੰ ਆਵਾਜ਼ ਦਿੱਤੀ ਤੇ ਅੰਦਰ ਆਉਣ ਲਈ ਕਿਹਾ ਪਰ ਮੈਂ ਜਲਦੀ ' ਚ ਹੋਣ ਕਰਕੇ ਨਾਂਹ ਕਰ ਦਿੱਤੀ। ਅਗਲੇ ਦਿਨ ਫਿਰ ਮੈਂ ਪਾਰਕ ਗਿਆ ਉੱਥੇ ਫਿਰ ਅਸੀਂ ਮਿਲੇ । ਬਹੁਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਅਸੀਂ ਉਸਦੇ ਘਰ ਚਲੇ ਗਏ। ਉੱਥੇ ਜਾ ਕੇ ਅਸੀਂ ਚਾਹ ਪੀਤੀ।ਉਹ ਹੌਲੀ- ਹੌਲੀ ਮੇਰੇ ਕਰੀਬ ਆਉਣ ਲੱਗੀ, ਮੈਂ ਘਬਰਾ ਗਿਆ ਉਹ ਮੇਰੇ ਏਨੇ ਕਰੀਬ ਹੋ ਗਈ ਕੇ ਮੈਨੂੰ ਉਸਦੀ ਧੜਕਣ ਸਾਫ਼ ਸੁਣਾਈ ਦੇ ਰਹੀ ਸੀ।ਮੈਂ ਉਹਨੂੰ ਆਪਣੇ ਤੋਂ ਦੂਰ ਕੀਤਾ। ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਮੈਨੂੰ ਉਸਤੇ ਤਰਸ ਆਇਆ ਮੈਂ ਉਸਨੂੰ ਹੋਂਸਲਾ ਦਿੱਤਾ ਤੇ ਨਾਲ ਈ ਸਮਝਾਇਆ ਕਿ ਇਹ ਸਹੀ ਨਹੀਂ। ਪਰ ਉਹ ਫਿਰ ਮੇਰੇ ਗਲ਼ੇ ਲੱਗ ਗਈ। ਸਭ ਕੁੱਝ ਮਦਹੋਸ਼ ਜਿਹਾ ਹੋ ਗਿਆ ਤੇ ਫਿਰ ਉਹ ਹੋਇਆ ਸ਼ਾਇਦ ਜੋ ਨਹੀਂ ਹੋਣਾ ਚਾਹੀਦਾ ਸੀ। ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਕਾਲੀ ਰਾਤ ਸੀ। ਸਵੇਰ ਹੋ ਗਈ ਮੇਰੀ ਅੱਖ ਖੁੱਲੀ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਦੇਖ ਕੇ ਕੰਬ ਗਿਆ ਜਿਵੇਂ ਕਿਸੇ ਨੇ ਧੁਰ ਅੰਦਰੋਂ ਝੰਜੋੜ ਦਿੱਤਾ ਹੋਵੇ। ਮੈਂ ਬਿਨਾ ਕੋਈ ਗਲ ਸੁਣੇ ਉੱਥੋਂ ਨਿਕਲ ਗਿਆ। ਉਸਨੇ ਬਹੁਤ ਵਾਰ ਫੋਨ ਕੀਤਾ ਪਰ ਮੈਂ ਨਜਰਅੰਦਾਜ਼ ਕਰਨ ਲੱਗਾ। ਉਸਨੇ ਮੈਨੂੰ ਕੁੱਝ ਫੋਟੋਆਂ ਭੇਜੀਆਂ ਜਦੋਂ ਮੈਂ ਉਹ ਦੇਖੀਆਂ ਮੇਰੇ ਪੈਰਾਂ ਥੱਲੋਂ ਦੀ ਜ਼ਮੀਨ ਖਿਸਕ ਗਈ।ਉਹ ਮੇਰੀਆਂ ਤੇ ਉਸਦੀਆਂ ਕੁੱਝ ਐਸੀਆਂ ਫੋਟੋਆਂ ਸੀ ਜੋ ਕਦੇ ਕਿਸੇ ਦੇ ਸਾਹਮਣੇ ਨਹੀਂ ਆਉਣੀਆ ਚਾਹੀਦੀਆਂ ਸਨ। ਤੇ ਨਾਲ ਉਸਦਾ ਮੈਸੇਜ ਸੀ ਕਿ ਜੇ ਤੁਸੀਂ ਮੇਰੇ ਕੋਲ ਨਾ ਆਏ ਮੈਂ ਇਹ ਫੋਟੋਆਂ ਤੁਹਾਡੇ ਪਿੰਡ ਭੇਜ ਦੇਵਾਂਗੀ। ਇਹ ਪੜ੍ਹ ਕੇ ਮੈਂ ਬੁਹਤ ਘਬਰਾ ਗਿਆ ਤੇ ਨਾ ਚਾਹੁੰਦੇ ਹੋਏ ਵੀ ਮੈਂ ਜਦੋਂ ਉਸਨੇ ਬਲਾਉਣਾ ਉਸ ਕੋਲ ਜਾਣ ਲੱਗ ਗਿ ਆ । ਅੰਦਰੋਂ -ਅੰਦਰੀ ਮੈਂ ਦਿਨੋ- ਦਿਨ ਘੁੱਟ - ਘੁੱਟ ਕੇ ਮਰੀ ਜਾ ਰਿਹਾ ਸੀ। ਨਾ ਰੋ ਸਕਦਾ ਸੀ ਕਿਉਂਕਿ ਮੈਂ ਇੱਕ ਮੁੰਡਾ ਸੀ। ਹੌਲੀ- ਹੌਲੀ ਸਾਲ ਬੀਤ ਗਿਆ ਮੇਰੀ ਪੜ੍ਹਾਈ ਪੂਰੀ ਹੋ ਗਈ ਤੇ ਹੁਣ ਮੈਂ ਪਿੰਡ ਵਾਪਿਸ ਜਾਣਾ ਸੀ।ਜਦੋਂ ਉਸਨੂੰ ਇਹ ਪਤਾ ਲੱਗਾ ਉਹ ਗੁੱਸੇ ਨਾਲ ਪਾਗ਼ਲ ਹੋ ਗਈ।ਪਰ ਮੈਂ ਕਿਸੇ ਤਰ੍ਹਾਂ ਸੰਭਾਲ ਲਿਆ ਤੇ ਇਹ ਤਹਿ ਹੋਇਆ ਕੇ ਉਹ ਜਦੋਂ ਬੁਲਾਏਗੀ ਮੈਨੂੰ ਆਉਣਾ ਪਵੇਗਾ।ਮੈਂ ਵੀ ਮਜਬੂਰੀ ਵੱਸ ਹਾਂ ਕਰ ਦਿੱਤੀ। ਮੈਂ ਵਾਪਿਸ ਪਿੰਡ ਚਲਾ ਗਿਆ ਜਦੋਂ ਘਰ ਪਹੁੰਚਿਆ ਪਤਾ ਲੱਗਾ ਕਿ ਬਾਪੂ ਜੀ ਬਹੁਤ ਬੀਮਾਰ ਸਨ । ਉਹ ਕਰਜ਼ੇ ਦਾ ਹਉਕਾ ਦਿਲ ਤੇ ਲਾ ਕੇ ਬੈਠੇ ਸਨ।
ਮੈਨੂੰ ਬੜਾ ਭਾਰਾ ਮਹਿਸੂਸ ਹੋ ਰਿਹਾ ਸੀ। ਐਸੇ ਹਾਲਾਤਾਂ ਵਿੱਚ ਮੈਂ ਆਪਣੇ ਦੁੱਖ ਨੂੰ ਕਿਵੇਂ ਸਾਂਝਾ ਕਰਦਾ। ਥੋੜੇ ਦਿਨ ਬੀਤ ਗਏ ਉਸਦਾ ਕੋਈ ਫੋਨ ਨਾ ਆਇਆ ਮੈਨੂੰ ਲਗਾ ਕੇ ਸਭ ਠੀਕ ਹੋ ਗਿਆ ।ਸ਼ਾਇਦ ਉਹ ਸਮਝ ਗਈ ਹੋਵੇਗੀ। ਮੈਂ ਆਪਣੇ ਪਿੰਡ ਦੇ ਕੋਲ ਈ ਇਕ ਛੋਟੀ ਜਹੀ ਨੌਕਰੀ ਕਰਨ ਲੱਗ ਗਿਆ। ਵਾਹਿਗੁਰੂ ਦੀ ਕਿਰਪਾ ਨਾਲ ਸਭ ਹੌਲੀ ਹੌਲੀ ਠੀਕ ਹੋਣ ਲੱਗਾ। ਤੇ ਇੱਕ ਦਿਨ ਅਚਾਨਕ ਉਸਦਾ ਫੋਨ ਆਇਆ ਮੈਂ ਘਬਰਾ ਗਿਆ । ਪਹਿਲਾਂ ਸੋਚਿਆ ਫੋਨ ਨਾ ਚੁੱਕਾ ਪਰ ਫਿਰ ਜਦੋਂ ਤੀਸਰੀ ਵਾਰ ਉਸਦਾ ਫੋਨ ਆਇਆ ਮੈਨੂੰ ਚੁੱਕਣਾ ਪਿਆ । ਉਸਨੇ ਮੈਨੂੰ ਆਪਣੇ ਕੋਲ ਬੁਲਾਇਆ ਮੈਂ ਉਸਨੂੰ ਮਨਾ ਕੀਤਾ ਤੇ ਸਮਝਾਇਆ ਕੇ ਘਰ ਬਾਪੂ ਜੀ ਠੀਕ ਨਹੀਂ ਹਨ ਮੈਂ ਨਹੀਂ ਆ ਸਕਦਾ।ਪਰ ਉਸਨੇ ਇੱਕ ਨਾ ਸੁਣੀ ਤੇ ਧਮਕੀਆਂ ਦੇਣ ਲੱਗੀ।ਮੈਂ ਉਸਨੂੰ ਨਜਰਅੰਦਾਜ਼ ਕਰਦਾ ਰਿਹਾ। ਮੇਰੀ ਬੇਬੇ ਨੇ ਮੇਰੀ ਨੌਕਰੀ ਕਰਕੇ ਪਾਠ ਦੀ ਸੁੱਖ ਸੁੱਖੀ ਸੀ। ਅਸੀਂ ਘਰ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ। ਉਸਦਾ ਫੋਨ ਆਇਆ ਤੇ ਗੁੱਸੇ ਵਿੱਚ ਬੋਲੀ ਕਿ ' ਤੂੰ ਆਵੇਂਗਾ ਜਾਂ ਮੈਂ ਆਵਾਂ।' ਹੁਣ ਮੈਨੂੰ ਜ਼ਿਆਦਾ ਫ਼ਰਕ ਨਹੀਂ ਸੀ ਪੈਂਦਾ ਮੈਂ ਕਿਹਾ ਕਿ ਮੈਂ ਨਹੀਂ ਆ ਰਿਹਾ ਮੇਰੇ ਘਰ ਪਾਠ ਹੈ। ਫੋਨ ਕੱਟ ਕੇ ਮੈਂ ਤਿਆਰੀ ਵਿੱਚ ਲੱਗ ਗਿਆ। ਸਾਰੇ ਰਿਸ਼ਤੇਦਾਰ, ਮੇਰੇ ਆਫ਼ਿਸ ਦੇ ਕਰਮਚਾਰੀ ਸਾਰਿਆਂ ਨੂੰ ਬੁਲਾਇਆ ਸੀ। ਪਾਠ ਦਾ ਭੋਗ ਪਿਆ । ਸਾਰੇ ਬੈਠੇ ਹੋਏ ਸੀ ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਮੈਂ ਦੇਖ ਕੇ ਹੱਕਾ -ਬੱਕਾ ਰਹਿ ਗਿਆ । ਉਹ ਮੇਰੇ ਦਰਵਾਜ਼ੇ ਅੱਗੇ ਖੜ੍ਹੀ ਹੋਈ ਸੀ । ਮੈਨੂੰ ਸਮਝ ਨਹੀਂ ਸੀ ਆ ਰਹੀ ਕੇ ਮੈਂ ਕੀ ਕਰਾਂ। ਸਾਰੇ ਜਣੇ ਉੱਧਰ ਦੇਖ ਰਹੇ ਸੀ । ਬੇਬੇ ਕੋਲ ਆ ਕੇ ਉਸਨੇ ਸਤਿ ਸ੍ਰੀ ਆਕਾਲ ਬੁਲਾਈ।ਫਿਰ ਮੇਰੇ ਕੋਲ ਆ ਗਈ ਸਾਰੇ ਮੇਰੇ ਵੱਲ ਦੇਖ ਰਹੇ ਸੀ।ਉਸਨੇ ਮੈਨੂੰ ਆਪਣੇ ਨਾਲ ਜਾਣ ਲਈ ਕਿਹਾ ਪਰ ਮੈਂ ਨਾਂਹ ਕਰ ਦਿੱਤੀ।ਉਸਨੂੰ ਗੁੱਸਾ ਆ ਗਿਆ ਤੇ ਉਸਨੇ ਪੁਲਿਸ ਨੂੰ ਬੁਲਾ ਲਿਆ ਤੇ ਆਪ ਸਭ ਦੇ ਸਾਹਮਣੇ ਤਮਾਸ਼ਾ ਕਰਨ ਲੱਗੀ ਤੇ ਉਸਨੇ ਸਭ ਦੇ ਸਾਹਮਣੇ ਕਿਹਾ ਕਿ ਮੈਂ ਉਸਦਾ ਫਾਇਦਾ ਉਠਾਇਆ ਤੇ ਵਿਆਹ ਦਾ ਵਾਅਦਾ ਕੀਤਾ ਸੀ ਤੇ ਹੁਣ ਮੁੱਕਰ ਰਿਹਾ। ਇਹ ਗੱਲ ਸੁਣਦਿਆਂ ਹੀ ਜਿਵੇਂ ਮੈਂ ਸਾਰਿਆਂ ਦੀਆਂ ਅੱਖਾਂ ਚ ਇੱਕ ਬਹੁਤ ਵੱਡਾ ਗੁਨਾਹਗਾਰ ਬਣ ਗਿਆ ਹੋਵਾਂ। ਪੁਲਿਸ ਵੀ ਆ ਗਈ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ ਕਿਉਂਕਿ ਮੈਂ ਇੱਕ ਮੁੰਡਾਂ ਸੀ । ਥੋੜ੍ਹੇ ਪੈਸੇ ਵਗੈਰਾ ਦੇ ਕੇ ਗੱਲ ਇੱਕ ਪਾਸੇ ਲੱਗ ਗਈ। ਏਨੀ ਬੇਇਜ਼ਤੀ ਹੋਣ ਕਰਕੇ ਮੈਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ। ਘਰਦਿਆਂ ਨੇ ਬਲਾਉਣਾ ਛੱਡ ਦਿੱਤਾ।ਮੇਰੀ ਕਿਸੇ ਨੇ ਇੱਕ ਨਾ ਸੁਣੀ।ਬਾਪੂ ਜੀ ਦੀ ਤਬੀਅਤ ਵੀ ਦਿਨੋ - ਦਿਨ ਵਿਗੜਦੀ ਜਾ ਰਹੀ ਸੀ। ਉਹ ਮੇਰੇ ਤੋਂ ਬਹੁਤ ਜਿ਼ਆਦਾ ਨਾ - ਖੁਸ਼ ਸੀ। ਕੁੱਝ ਰਿਸ਼ਤੇਦਾਰਾਂ ਦੀ ਗੱਲ ਮੰਨ ਕੇ ਮੇਰਾ ਵਿਆਹ ਤਹਿ ਕਰ ਦਿੱਤਾ ਗਿਆ ਮੈਂ ਭਾਵੇਂ ਇਸ ਤੋਂ ਖੁਸ਼ ਨਹੀਂ ਸੀ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ। ਜਿੰਮੇਵਾਰੀ ਹੋਰ ਵੱਧ ਗਈ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ ਮੈਂ ਫਿਰ ਹੋਂਸਲਾ ਕਰਕੇ ਇੱਕ ਨੌਕਰੀ ਲੱਭ ਲਈ। ਮੇਰਾ ਵਿਆਹ ਹੋ ਗਿਆ ।ਹੌਲੀ - ਹੌਲੀ ਸਭ ਠੀਕ ਹੋਣ ਲੱਗਾ।ਪਰ ਮੇਰੇ ਮਨ ' ਚ ਇੱਕ ਗੱਲ ਆ ਰਹੀ ਸੀ ਕਿ ਮੇਰੀ ਘਰਵਾਲੀ ਨੂੰ ਮੇਰੇ ਬਾਰੇ ਸਭ ਪਤਾ ਹੋਣਾ ਚਾਹੀਦਾ।ਇਹ ਮੇਰੀ ਜਿੰਮੇਵਾਰੀ ਬਣਦੀ ਹੈ ਕਿ ਮੈਂ ਉਸਨੂੰ ਸਭ ਸੱਚ ਦੱਸਾਂ। ਮੈਂ ਹਿੰਮਤ ਕਰਕੇ ਇੱਕ ਦਿਨ ਸਭ ਕੁੱਝ ਆਪਣੀ ਘਰਵਾਲੀ ਨੂੰ ਦੱਸ ਦਿੱਤਾ। ਮੈਨੂੰ ਸੀ ਕਿ ਉਹ ਮੈਨੂੰ ਸਮਝੇਗੀ ਪਰ ਉਸਨੇ ਵੀ ਮੈਨੂੰ ਗ਼ਲਤ ਸਮਝਿਆ ਤੇ ਮੈਨੂੰ ਛੱਡ ਕੇ ਚਲੀ ਗਈ। ਲੋਕ ਤਾਂ ਪਹਿਲਾਂ ਈ ਮੈਨੂੰ ਗ਼ਲਤ ਸਮਝਦੇ ਸੀ ਹੁਣ ਵੀ ਗ਼ਲਤੀ ਸਭ ਨੇ ਮੇਰੀ ਈ ਕੱਢੀ। ਮਾਂ - ਬਾਪ ਨੇ ਘਰੋਂ ਬੇਦਖ਼ਲ ਕਰ ਦਿੱਤਾ। ਦਿਲ ਕੀਤਾ ਕਿ ਮੈਂ ਮਰ ਜਾਵਾਂ । ਹਿੰਮਤ ਕੀਤੀ ਸਲਫ਼ਾਸ ਲੈ ਕੇ ਖੇਤਾਂ ਵੱਲ ਤੁਰ ਪਿਆ ਅਜੇ ਖਾਣ ਈ ਲੱਗਾ ਸੀ ਕਿ ਅੰਦਰੋਂ ਆਵਾਜ਼ ਆਈ ਕਿ ਮਾਂ - ਬਾਪ ਅਜੇ ਵੀ ਤੇਰੀ ਜ਼ਿੰਮੇਵਾਰੀ ਨੇ ਤੂੰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵੇਗਾ। ਜਿਵੇਂ ਕਿਸੇ ਨੇ ਸੁਪਨੇ ਚੋਂ ਉੱਠਾ ਦਿੱਤਾ ਹੋਵੇ। ਮੈਂ ਉੱਠਿਆ ਤੇ ਘਰ ਵੱਲ ਨੂੰ ਚੱਲ ਪਿਆ ਤੇ ਮੇਰੇ ਪੱਲੇ ਵਿੱਚ ਸਭ ਕੁੱਝ ਗਵਾ ਕੇ ਵੀ ਜਿੰਮੇਵਾਰੀ ਬੰਨ੍ਹੀ ਹੋਈ ਸੀ ਕਿਉਂਕਿ ਮੈਂ ਮੁੰਡਾਂ ਹਾਂ।
By Kirandeep Kaur

Comments